ਸਫ਼ਰ ਏ ਸ਼ਹਾਦਤ : ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ
ਇਤਿਹਾਸ ਦਾ ਕਦੇ ਨਾ ਭੁੱਲਣ ਯੋਗ ਸ਼ਹੀਦੀ ਹਫਤਾ ਜਿਸ ਵਿਚ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਖਾਤਿਰ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ( ਸਾਕਾ : ੬ (6) ਪੋਹ ਤੋਂ ੧੪ (14) ਪੋਹ ਤੱਕ )
ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ, ਖਾਸਕਰ 6 ਪੋਹ ਤੋਂ ਲੈ ਕੇ 14 ਪੋਹ ਤੱਕ ਦਾ ਸਮਾਂ, ਬਹੁਤ ਹੀ ਦਰਦਨਾਕ ਅਤੇ ਨਾਲ ਹੀ ਲਾਸਾਨੀ ਕੁਰਬਾਨੀਆਂ ਵਾਲਾ ਹੈ। ਇਸ ਹਫ਼ਤੇ ਨੂੰ “ਸ਼ਹੀਦੀ ਹਫ਼ਤਾ” ਜਾਂ “ਸੋਗ ਦਾ ਹਫ਼ਤਾ” ਵੀ ਕਿਹਾ ਜਾਂਦਾ ਹੈ। ਇਸ ਛੋਟੇ ਜਿਹੇ ਅਰਸੇ ਦੌਰਾਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ (ਸਰਬੰਸ) ਕੌਮ ਅਤੇ ਧਰਮ ਦੀ ਖਾਤਰ ਵਾਰ ਦਿੱਤਾ ਸੀ।

੬ ਪੋਹ ( 20 ਦਸੰਬਰ ) : ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ : ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਕਈ ਮਹੀਨਿਆਂ ਤੋਂ ਘੇਰਿਆ ਹੋਇਆ ਸੀ। ਰਸਦ-ਪਾਣੀ ਖਤਮ ਹੋ ਚੁੱਕਾ ਸੀ।
ਇਸੇ ਕਰਕੇ ਹੀ ਤਕਰੀਬਨ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ । ਗੁਰੂ ਸਾਹਿਬ ਨੇ ਉਨ੍ਹਾਂ ਦੇ ਉਸ ਬੇਦਾਵੇ ਨੂੰ ਸਵਿਕਾਰ ਕੀਤਾ ਅਤੇ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਵਿਚੋਂ ਜਾਣ ਲਈ ਆਗਿਆ ਦੇ ਦਿੱਤੀ।
ਉੱਧਰ ਦੁਸ਼ਮਣਾਂ ਨੇ ਕੁਰਾਨ ਅਤੇ ਗਊ ਦੀਆਂ ਝੂਠੀਆਂ ਕਸਮਾਂ ਖਾਧੀਆਂ ਕਿ ਜੇ ਗੁਰੂ ਸਾਹਿਬ ਕਿਲ੍ਹਾ ਛੱਡ ਦੇਣ ਤਾਂ ਉਹ ਉਨ੍ਹਾਂ ਨੂੰ ਸੁਰੱਖਿਅਤ ਜਾਣ ਦੇਣਗੇ । ਹਾਲਾਂਕਿ ਗੁਰੂ ਸਾਹਿਬ ਨੂੰ ਉਹਨਾਂ ‘ਤੇ ਬਿਲਕੁਲ ਵੀ ਭਰੋਸਾ ਨਹੀਂ ਸੀ, ਪਰ ਸਿੰਘਾਂ ਅਤੇ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਉਨ੍ਹਾਂ ਨੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ।
ਅਖੀਰ ਵਿੱਚ 6 ਪੋਹ ਦੀ ਠੰਡੀ ਅਤੇ ਹਨੇਰੀ ਰਾਤ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।